ਵਿਦੇਸ਼ ਜਾਣ ਦਾ ਸੁਪਨਾ ਟੁੱਟਣ ’ਤੇ ਨੌਜਵਾਨ ਮੁਟਿਆਰ ਵੱਲੋਂ ਪੀਜੀ ਰੂਮ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ

ਸੁਸਾਈਡ ਨੋਟ ਵਿੱਚ ਆਪਣੇ ਪਿਤਾ ਤੋਂ ਮੁਆਫ਼ੀ ਮੰਗਦਿਆਂ ਲਿਖਿਆ ‘ਸੌਰੀ ਪਾਪਾ ਜੀ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਇੱਥੋਂ ਦੇ ਫੇਜ਼-3ਬੀ1 ਵਿੱਚ ਪੀਜੀ ਵਿੱਚ ਰਹਿੰਦੀ ਇੱਕ ਨੌਜਵਾਨ ਮੁਟਿਆਰ ਨੇ ਵਿਦੇਸ਼ ਜਾਣ ਦਾ ਸੁਪਨਾ ਟੁੱਟਣ ’ਤੇ ਖ਼ੁਦਕੁਸ਼ੀ ਕਰਕੇ ਮੌਤ ਨੂੰ ਗਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਛਾਣ ਅਮਨਪ੍ਰੀਤ ਕੌਰ (30) ਵਾਸੀ ਅਜਨਾਲਾ ਵਜੋਂ ਹੋਈ ਹੈ। ਇਹ ਹਾਦਸਾ ਅੱਜ ਦੁਪਹਿਰ ਕਰੀਬ 1 ਵਜੇ ਵਾਪਰਿਆ ਦੱਸਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਦੀ ਅਮਨਪ੍ਰੀਤ ਕੌਰ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਮੁਹਾਲੀ ਵਿੱਚ ਆਈ ਸੀ ਅਤੇ ਇੱਥੇ ਪੀਜੀ ਵਿੱਚ ਰਹਿ ਕੇ ਆਈਲੈਟਸ ਕਰ ਰਹੀ ਸੀ। ਲੇਕਿਨ ਆਈਲੈਟਸ ਕਲੀਅਰ ਨਾ ਹੋਣ ਕਾਰਨ ਕਾਫੀ ਸਮੇਂ ਤੋਂ ਉਸ ਦੀ ਫਾਈਲ ਲਮਕ ਰਹੀ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ ਸੀ ਅਤੇ ਅੱਜ ਉਸ ਨੇ ਪੀਜੀ ਰੂਮ ਵਿੱਚ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਇਸ ਹਾਦਸੇ ਦਾ ਉਦੋਂ ਪਤਾ ਲੱਗਿਆ ਜਦੋਂ ਦੁਪਹਿਰ ਵੇਲੇ ਨੌਕਰੀ ਖਾਣਾ ਲੈ ਕੇ ਗਿਆ ਤਾਂ ਉਸ ਵੱਲੋਂ ਲਗਾਤਾਰ ਕੁੰਡੀ ਖੜਕਾਉਣ ’ਤੇ ਕਿਸੇ ਨੇ ਅੰਦਰੋਂ ਕੁੰਡੀ ਨਹੀਂ ਖੋਲ੍ਹੀ। ਇਸ ਮਗਰੋਂ ਮਕਾਨ ਮਾਲਕਾਂ ਨੇ ਮੁਹਾਲੀ ਪੁਲੀਸ ਦੇ ਕੰਟਰੋਲ ਰੂਮ ਵਿੱਚ ਫੋਨ ਕਰਕੇ ਇਸ ਹਾਦਸੇ ਬਾਰੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਪੀਸੀਆਰ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਮਟੌਰ ਥਾਣੇ ਨੂੰ ਲੜਕੀ ਦੀ ਮੌਤ ਬਾਰੇ ਸੂਚਨਾ ਦਿੱਤੀ ਗਈ।
ਉਧਰ, ਸੂਚਨਾ ਮਿਲਣ ’ਤੇ ਥਾਣਾ ਮਟੌਰ ’ਚੋਂ ਪੁਲੀਸ ਕਰਮਚਾਰੀ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਦੇਖਿਆ ਕਿ ਅਮਨਪ੍ਰੀਤ ਦੀ ਲਾਸ਼ ਕਮਰੇ ਵਿੱਚ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਲਮਕ ਰਹੀ ਸੀ। ਪੁਲੀਸ ਨੇ ਲੋਕਾਂ ਦੀ ਹਾਜ਼ਰੀ ਵਿੱਚ ਲਾਸ਼ ਨੂੰ ਥੱਲੇ ਉਤਾਰਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ। ਪੁਲੀਸ ਅਨੁਸਾਰ ਮ੍ਰਿਤਕ ਲੜਕੀ ਦੇ ਮਾਪਿਆਂ ਨੂੰ ਇਸ ਹਾਦਸੇ ਬਾਰੇ ਇਤਲਾਹ ਦੇ ਦਿੱਤੀ ਹੈ ਅਤੇ ਭਲਕੇ ਐਤਵਾਰ ਨੂੰ ਪੋਸਟ ਮਾਰਟਮ ਹੋਵੇਗਾ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਅਮਨਪ੍ਰੀਤ ਕੌਰ ਨੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਲੇਕਿਨ ਉਸ ਦੀ ਕੈਨੇਡਾ ਜਾਣ ਦੀ ਫਾਈਲ ਨਹੀਂ ਲੱਗ ਸਕੀ। ਉਸ ਨੇ ਇਹ ਵੀ ਲਿਖਿਆ ਹੈ ਕਿ ਉਹ ਆਪਣੇ ਘਰਦਿਆਂ ਦਾ ਸੁਪਨਾ ਪੂਰਾ ਨਹੀਂ ਕਰ ਸਕੀ ਹੈ। ਇਸ ਸਬੰਧੀ ਉਸ ਨੇ ਆਪਣੇ ਪਿਤਾ ਮੁਆਫ਼ੀ ਮੰਗਦਿਆਂ ‘ਸੌਰੀ ਪਾਪਾ ਜੀ’ ਲਿਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…